SNE NETWORK.LUDHIANA.
ਬੀਤੀ ਰਾਤ ਲੁਧਿਆਣਾ ਸੈਕਸ਼ਨ ਨੇੜੇ ਬੱਦੋਵਾਲ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਸਤਲੁਜ ਐਕਸਪ੍ਰੈਸ ਗੱਡੀ ਨੰਬਰ 14630 ‘ਤੇ ਪਥਰਾਅ ਕੀਤਾ ਗਿਆ। ਇਸ ਪਥਰਾਅ ਵਿੱਚ ਇੱਕ ਬੱਚੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ‘ਚ ਰੇਲਵੇ ਪ੍ਰੋਟੈਕਸ਼ਨ ਫੋਰਸ (R.P.F.) ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕਰੀਬ 2 ਤੋਂ 3 ਹੋਰ ਯਾਤਰੀ ਵੀ ਜ਼ਖਮੀ ਹੋ ਗਏ।
ਪ੍ਰਿੰਸ ਦੀ ਮਾਂ ਸਵਿਤਾ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ 1 ਵਜੇ ਦੇ ਕਰੀਬ ਗੰਗਾਨਗਰ ਤੋਂ ਸਤਲੁਜ ਐਕਸਪ੍ਰੈਸ ਵਿੱਚ ਸਵਾਰ ਹੋ ਕੇ ਲੁਧਿਆਣਾ ਲਈ ਨਿਕਲਿਆ ਸੀ। ਜਿਵੇਂ ਹੀ ਉਹ ਲੁਧਿਆਣਾ ਦੇ ਬੱਦੋਵਾਲ ਨੇੜੇ ਪਹੁੰਚੇ ਤਾਂ ਉਨ੍ਹਾਂ ਦੇ ਕੋਚ ‘ਤੇ ਪਥਰਾਅ ਸ਼ੁਰੂ ਹੋ ਗਿਆ। ਅਚਾਨਕ ਉਨ੍ਹਾਂ ਦੇ ਬੇਟੇ ਪ੍ਰਿੰਸ ਦੇ ਸਿਰ ‘ਚ ਪੱਥਰ ਲੱਗ ਗਿਆ। ਇਕੱਠੇ ਬੈਠੇ ਦੋ ਹੋਰ ਸਵਾਰੀਆਂ ਨੂੰ ਵੀ ਪੱਥਰ ਮਾਰੇ ਗਏ। ਪੱਥਰ ਲੱਗਣ ਕਾਰਨ ਰਾਜਕੁਮਾਰ ਖੂਨ ਨਾਲ ਲੱਥਪੱਥ ਹੋ ਗਿਆ। ਲੋਕਾਂ ਨੇ ਟਰੇਨ ਦੀ ਚੇਨ ਖਿੱਚ ਕੇ ਰੋਕ ਦਿੱਤੀ। ਪ੍ਰਿੰਸ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ।
ਘਟਨਾ ਬਹੁਤ ਹੀ ਦੁਖਦਾਈ
ਫ਼ਿਰੋਜ਼ਪੁਰ ਡਵੀਜ਼ਨ ਦੇ ਸੀਨੀਅਰ ਡੀਐਸਸੀ ਰਿਸ਼ੀ ਪਾਲ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ। ਪਥਰਾਅ ਕਰਨ ਵਾਲਿਆਂ ਨੂੰ ਫੜਨ ਲਈ ਟੀਮਾਂ ਬਣਾਈਆਂ ਜਾ ਰਹੀਆਂ ਹਨ। ਜਲਦ ਹੀ ਦੋਸ਼ੀਆਂ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਵਿੱਚ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ।