SNE NETWORK.AMRITSAR.
ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਤੇਜਪਾਲ ਨਾਂ ਦੇ ਨੌਜਵਾਨ ਦੀ ਯੂਕਰੇਨ ਸਰਹੱਦ ‘ਤੇ ਮੌਤ ਹੋ ਗਈ। ਤੇਜਪਾਲ 12 ਜਨਵਰੀ ਨੂੰ ਟੂਰਿਸਟ ਵੀਜ਼ੇ ‘ਤੇ ਭਾਰਤ ਤੋਂ ਰੂਸ ਗਿਆ ਸੀ। ਤੇਜਪਾਲ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਮ੍ਰਿਤਕ ਤੇਜਪਾਲ ਦੀ ਬੇਟੀ 3 ਸਾਲ ਦੀ ਹੈ ਅਤੇ ਉਸ ਦਾ 6 ਸਾਲ ਦਾ ਬੇਟਾ ਹੈ।
ਤੇਜਪਾਲ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੇ ਬੇਟੇ ਨੂੰ ਰੂਸ ਵਿਚ ਜ਼ਬਰਦਸਤੀ ਫੌਜ ਵਿਚ ਭਰਤੀ ਕੀਤਾ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ 3 ਮਾਰਚ ਨੂੰ ਉਨ੍ਹਾਂ ਦੇ ਪੁੱਤਰ ਦਾ ਫੋਨ ਆਇਆ ਕਿ ਉਸ ਨੂੰ ਸਰਹੱਦ ‘ਤੇ ਭੇਜਿਆ ਜਾ ਰਿਹਾ ਹੈ। ਪਰਿਵਾਰ ਦੀ ਸਰਕਾਰ ਤੋਂ ਮੰਗ ਹੈ ਕਿ ਤੇਜਪਾਲ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ, ਪਤਨੀ ਪਰਵਿੰਦਰ ਕੌਰ ਨੇ ਦੱਸਿਆ ਕਿ ਤੇਜਪਾਲ 20 ਦਸੰਬਰ ਨੂੰ ਭਾਰਤ ਤੋਂ ਥਾਈਲੈਂਡ ਗਿਆ ਸੀ। ਇਸ ਤੋਂ ਬਾਅਦ ਉਹ 12 ਜਨਵਰੀ ਨੂੰ ਰੂਸ ਦੇ ਮਾਸਕੋ ਗਏ ਸਨ। ਰੂਸ ਵਿਚ ਤੇਜਪਾਲ ਦੇ ਕੁਝ ਦੋਸਤਾਂ ਨੇ ਉਸ ਨੂੰ ਫੌਜ ਵਿਚ ਭਰਤੀ ਹੋਣ ਲਈ ਮਜਬੂਰ ਕੀਤਾ। ਦੋਸਤਾਂ ਦੀ ਸਲਾਹ ‘ਤੇ ਹੀ ਉਹ ਟੂਰਿਸਟ ਵੀਜ਼ੇ ‘ਤੇ ਗਿਆ ਸੀ।
ਪਰਿਵਾਰ ਤੇਜਪਾਲ ਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦਾ ਸੀ ਪਰ ਤੇਜਪਾਲ ਵਿਦੇਸ਼ ਜਾਣ ‘ਤੇ ਅੜਿਆ ਹੋਇਆ ਸੀ। ਆਖਰੀ ਗੱਲਬਾਤ 3 ਮਾਰਚ ਨੂੰ ਹੋਈ ਸੀ। ਪਤਨੀ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਜੇਕਰ ਤੇਜਪਾਲ ਦੀ ਮ੍ਰਿਤਕ ਦੇਹ ਵਿਦੇਸ਼ ਵਿੱਚ ਹੈ ਤਾਂ ਇਸ ਨੂੰ ਭਾਰਤ ਭੇਜਿਆ ਜਾਵੇ।