ਪਵਨ ਕੁਮਾਰ.ਅੰਮ੍ਰਿਤਸਰ।
ਅੰਮ੍ਰਿਤਸਰ ਸ਼ਹਿਰ ਦੇ ਸਮੂਹ ਪਤਵੰਤੇ ਅੱਜ ਪ੍ਰਸ਼ਾਸਨ ਖਿਲਾਫ ਸੜਕਾਂ ‘ਤੇ ਉਤਰ ਆਏ ਹਨ। ਉਨ੍ਹਾਂ ਦੀ ਮੰਗ ਹੈ ਕਿ ਅੰਮ੍ਰਿਤਸਰ ਹੈਰੀਟੇਜ ਕਲੱਬ ਦੀਆਂ ਚੋਣਾਂ ਅੱਜ ਹੀ ਕਰਵਾਈਆਂ ਜਾਣ, ਜਿਸ ਨੂੰ ਪ੍ਰਸ਼ਾਸਨ ਨੇ ਮੌਕੇ ’ਤੇ ਹੀ ਰੱਦ ਕਰ ਦਿੱਤਾ। ਕਲੱਬ ਮੈਂਬਰਾਂ ਨੇ ਮਾਲ ਰੋਡ ’ਤੇ ਧਰਨਾ ਦਿੱਤਾ ਹੈ ਅਤੇ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ ਕਿ ਚੋਣਾਂ ਅੱਜ ਹੀ ਕਰਵਾਈਆਂ ਜਾਣ। ਕਲੱਬ ਮੈਂਬਰਾਂ ਨੇ ਕਿਹਾ ਕਿ ਅਦਾਲਤ ਦੀ ਦਖਲ ਅੰਦਾਜ਼ੀ ਕਾਰਨ 16 ਸਾਲਾਂ ਬਾਅਦ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਚੋਣਾਂ ਕਰਵਾਉਣ ਲਈ ਮੈਂਬਰਾਂ ਨੇ ਆਪਣੇ ਬਕਾਏ ਵੀ ਕਲੀਅਰ ਕਰਵਾ ਲਏ ਅਤੇ ਕਲੱਬ ਨੇ ਪਿਛਲੇ ਦਿਨਾਂ ਵਿੱਚ ਕਰੀਬ 72 ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਹੈ ਪਰ ਮੌਕੇ ’ਤੇ ਹੀ ਕੋਰਮ ਪੂਰਾ ਨਾ ਹੋਣ ਦੀ ਗੱਲ ਕਹਿ ਕੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ।
ਮੈਂਬਰਾਂ ਨੇ ਸਵੇਰ ਤੋਂ ਹੀ ਚੋਣਾਂ ਲਈ ਪੁੱਜਣਾ ਸ਼ੁਰੂ ਕਰ ਦਿੱਤਾ ਸੀ। ਸਵੇਰੇ ਕੁਝ ਦੇਰ ਤੇਜ਼ ਮੀਂਹ ਪਿਆ ਜਿਸ ਕਾਰਨ ਮੈਂਬਰ ਥੋੜੀ ਦੇਰੀ ਨਾਲ ਪੁੱਜੇ। ਆਉਣ ਦਾ ਸਮਾਂ ਨੋਟਿਸ ਬੋਰਡ ‘ਤੇ 10 ਤੋਂ 12 ਵਜੇ ਤੱਕ ਲਿਖਿਆ ਹੋਇਆ ਸੀ ਪਰ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ 11.30 ਵਜੇ ਤੱਕ ਹੀ ਰਜਿਸਟਰ ਉਤਾਰ ਕੇ ਚੋਣਾਂ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ | ਜਿਸ ਤੋਂ ਬਾਅਦ ਸਾਰੇ ਮੈਂਬਰ ਭੜਕ ਗਏ ਅਤੇ ਹੁਣ ਸੜਕਾਂ ‘ਤੇ ਖੜ੍ਹੇ ਹੋ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਮੈਂਬਰਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਮਿਲੀਭੁਗਤ ਨਾਲ ਚੋਣਾਂ ਕਰਵਾਉਣਾ ਨਹੀਂ ਚਾਹੁੰਦਾ, ਇਸੇ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ।
ਦੱਸ ਦੇਈਏ ਕਿ ਹੈਰੀਟੇਜ ਕਲੱਬ ਵਿੱਚ 14 ਸਾਲਾਂ ਬਾਅਦ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਲਈ 650 ਮੈਂਬਰਾਂ ਨੇ ਆਪਣੇ ਬਕਾਏ ਕਲੀਅਰ ਕਰ ਦਿੱਤੇ ਸਨ, ਜਦਕਿ 794 ਮੈਂਬਰਾਂ ਦੇ ਬਕਾਏ ਬਾਕੀ ਹਨ। ਸਿਰਫ਼ ਉਹੀ ਵੋਟ ਪਾਉਣ ਦੇ ਹੱਕਦਾਰ ਹੋਣਗੇ ਜਿਨ੍ਹਾਂ ਦੇ ਬਕਾਏ ਕਲੀਅਰ ਹੋ ਗਏ ਹਨ। ਰੋਹਿਤ ਲਖਪਾਲ ਅਤੇ ਵਿਜੇ ਢੀਂਗਰਾ ਦੋਵੇਂ ਧੜੇ ਚੋਣਾਂ ਨੂੰ ਲੈ ਕੇ ਆਹਮੋ-ਸਾਹਮਣੇ ਸਨ ਪਰ ਹੁਣ ਦੋਵੇਂ ਧੜੇ ਪ੍ਰਸ਼ਾਸਨ ਖ਼ਿਲਾਫ਼ ਆਹਮੋ-ਸਾਹਮਣੇ ਹੋ ਗਏ ਹਨ।