SNE NETWORK.JALANDHAR.
ਪੰਜਾਬ ਵਿੱਚ ਪੁਲਿਸ ਨੇ ਖਾਲਿਸਤਾਨ ਪੱਖੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਆਈਸ (ਨਸ਼ੇ) ਸਮੇਤ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਪਾਲ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾ ਕੇ ਸੁਰਖੀਆਂ ਵਿੱਚ ਆਇਆ ਸੀ। ਹਰਪ੍ਰੀਤ ਸਿੰਘ ਉਰਫ ਹੈਪੀ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੋਵੇਂ ਮੁਲਜ਼ਮ ਸੰਦੀਪ ਵਾਸੀ ਹੈਬੋਵਾਲ, ਲੁਧਿਆਣਾ ਤੋਂ 10,000 ਰੁਪਏ ਦੀ ਆਈਸ ਡਰੱਗ ਲੈ ਕੇ ਆਏ ਸਨ। ਪੁਲਿਸ ਨੇ ਸੰਦੀਪ ਨੂੰ ਵੀ ਫੜ ਲਿਆ ਹੈ। ਦੇਰ ਰਾਤ ਕੀਤੀ ਗਈ ਡਾਕਟਰੀ ਜਾਂਚ ‘ਚ ਪੁਸ਼ਟੀ ਹੋਈ ਕਿ ਦੋਵਾਂ ਨੇ ਨਸ਼ਾ ਕੀਤਾ ਸੀ।
ਐਸਐਸਪੀ ਅੰਕੁਲ ਗੁਪਤਾ ਨੇ ਦੱਸਿਆ- ਰੁਟੀਨ ਚੈਕਿੰਗ ਦੌਰਾਨ ਪੁਲਿਸ ਨੇ ਦੋਵਾਂ ਨੂੰ ਫਿਲੌਰ ਹਾਈਵੇ ਤੋਂ ਗ੍ਰਿਫਤਾਰ ਕੀਤਾ ਹੈ। ਕਾਲੇ ਸ਼ੀਸ਼ੇ ਵਾਲੀ ਚਿੱਟੇ ਰੰਗ ਦੀ ਕ੍ਰੇਟਾ ਕਾਰ ਵਿੱਚ ਬੈਠ ਕੇ ਦੋਵੇਂ ਨਸ਼ੇ ਕਰਨ ਦੀ ਤਿਆਰੀ ਕਰ ਰਹੇ ਸਨ। ਮੁਲਜ਼ਮਾਂ ਕੋਲ ਲਾਈਟਰ ਅਤੇ ਫੋਇਲ ਸੀ। ਡੀਐਸਪੀ ਫਿਲੌਰ ਨੇ ਖ਼ੁਦ ਮੌਕੇ ’ਤੇ ਪਹੁੰਚ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਨੂੰ ਉਸਦੇ ਸਾਥੀ ਸਮੇਤ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕਰੇਗੀ।
ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ- ਬਦਨਾਮ ਕਰਨ ਦੀ ਕੋਸ਼ਿਸ਼
ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ‘ਤੇ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ- ਨਸ਼ਿਆਂ ਖਿਲਾਫ ਅਸੀਂ ਜੋ ਆਵਾਜ਼ ਉਠਾਈ ਹੈ, ਉਸ ਨੂੰ ਦਬਾਉਣ ਲਈ ਸਰਕਾਰ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ। ਪੁਲੀਸ ਨਸ਼ਾ ਰੋਕਣ ਲਈ ਕੰਮ ਕਰਨ ਦੀ ਬਜਾਏ ਦਬਾਅ ਹੇਠ ਕੰਮ ਕਰ ਰਹੀ ਹੈ।

