ਢਾਹਾਂ ਸਾਹਿਤ ਪੁਰਸਕਾਰ ਨੂੰ ਸਮਰਪਿਤ ਹੋਵੇਗਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਚ ਪੰਜਾਬੀ ਸਾਹਿਤ ਹਫਤਾ

ਅੰਤਰਰਾਸ਼ਟਰੀ ਪੰਜਾਬੀ ਸਾਹਿਤ ਇਨਾਮ ਢਾਹਾਂ ਪੁਰਸਕਾਰ 2021 ਦੇ ਜੇਤੂਆਂ ਦਾ ਆਨਲਾਈਨ ਸਮਾਗਮ ਵਿਚ  ਸਨਮਾਨ

ਐਸਐਨਈ ਨਿਊਜ਼/ ਬੰਗਾ/ਵੈਨਕੂਵਰ।

ਪੰਜਾਬੀ ਸਾਹਿਤਕ ਖੇਤਰ ਲਈ  ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਸੂਬੇ ਬੀ.ਸੀ. (ਬ੍ਰਿਟਿਸ਼ ਕੋਲੰਬੀਆ) ਵਿਚ 13 ਨਵੰਬਰ ਤੋਂ 19 ਨਵੰਬਰ ਤੱਕ  ਪੰਜਾਬੀ ਸਾਹਿਤ ਹਫਤਾ ਮਨਾਇਆ ਜਾ ਰਿਹਾ ਹੈ ਜੋ ਕਿ ਮਾਂ ਬੋਲੀ ਪੰਜਾਬੀ ਦੇ ਨਾਮਵਰ ਢਾਹਾਂ ਸਾਹਿਤ ਪੁਰਸਕਾਰ ਨੂੰ ਸਮਰਪਿਤ ਹੋਵੇਗਾ।

ਇਹ ਐਲਾਨ ਅੱਠਵੇਂ ਢਾਹਾਂ ਸਾਹਿਤ ਪੁਰਸਕਾਰ ਦੇ ਵੈਨਕੂਵਰ ਕੈਨੇਡਾ ਤੋਂ ਹੋਏ ਆਨਲਾਈਨ ਜ਼ੂਮ ਵਰਚੂਅਲ ਸਨਮਾਨ ਸਮਾਗਮ ਵਿਚ ਬੀਬੀ ਰਚਨਾ ਸਿੰਘ ਐੱਮ ਐੱਲ ਏ/ਨਸਲਵਾਦ ਵਿਰੋਧੀ ਸੰਸਦੀ ਸਕੱਤਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਨੇ ਕੀਤਾ । ਇਸ ਮੌਕੇ ਉਹਨਾਂ ਨੇ ਸਾਲ 2021 ਦੇ ਢਾਹਾਂ ਸਾਹਿਤ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ।

ਉਹਨਾਂ ਨੇ ਪ੍ਰਸਿੱਧ ਸਮਾਜ ਸੇਵਕ ਬਾਬਾ ਬੁੱਧ ਸਿੰਘ ਢਾਹਾਂ ਦੇ ਫਰੰਜਦ ਅਤੇ ਢਾਹਾਂ ਸਾਹਿਤ ਪੁਰਸਕਾਰ ਦੇ ਬਾਨੀ ਬਰਜਿੰਦਰ ਸਿੰਘ ਢਾਹਾਂ ਅਤੇ  ਉਨ੍ਹਾਂ ਦੀ ਪੂਰੀ ਟੀਮ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਅਤੇ ਇਸ ਵਿੱਚ ਰਚੇ ਜਾ ਰਹੇ ਗਲਪ ਸਾਹਿਤ ਨੂੰ ਉੱਚਾ ਚੁੱਕਣ ਲਈ ਕੀਤੇ ਕਾਰਜਾਂ ਲਈ ਮੁਬਾਰਕਾਂ ਦਿੱਤੀਆਂ ਅਤੇ ਭਾਰੀ ਸ਼ਾਲਾਘਾ ਵੀ ਕੀਤੀ ।            ਕਰੋਨਾ ਮਹਾਂਮਾਰੀ ਕਰਕੇ ਹੋਏ ਵਰਚੂਅਲ ਸਨਮਾਨ ਸਮਾਗਮ ਵਿਚ ਮੁੱਖ ਪ੍ਰਬੰਧਕ ਸ੍ਰੀ ਬਰਜਿੰਦਰ ਸਿੰਘ ਢਾਹਾਂ ਨੇ ਢਾਹਾਂ ਸਾਹਿਤ ਪੁਰਸਕਾਰ ਬਾਰੇ ਤੇ ਜਿਊਰੀ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ।ਸ੍ਰੀ ਢਾਹਾਂ ਨੇ ਕਿਹਾ ਕਿ ਢਾਹਾਂ ਪੁਰਸਕਾਰ ਦਾ ਉਦੇਸ਼ ਸਰਹੱਦਾਂ ਤੋਂ ਪਾਰ ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨਾ ਅਤੇ ਵਿਸ਼ਵ ਪੱਧਰ ’ਤੇ ਪੰਜਾਬੀ ਸਾਹਿਤਕਾਰਾਂ ਨੂੰ ਪੰਜਾਬੀ ਸਾਹਿਤ ਦੀ ਸਿਰਜਣਾ ਲਈ ਉਤਸ਼ਾਹਿਤ ਕਰਨਾ ਹੈ।

ਸਾਲ 2021 ਵਿਚ 25 ਹਜ਼ਾਰ ਡਾਲਰ ਦਾ ਪੁਰਸਕਾਰ ਸ੍ਰੀ ਨੈਨ ਸੁੱਖ (ਲਾਹੌਰ, ਲਹਿੰਦਾ ਪੰਜਾਬ, ਪਾਕਿਸਤਾਨ) ਜਿਨ੍ਹਾਂ ਦੀ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਿਹ ‘ਜੋਗੀ, ਸੱਪ, ਤ੍ਰਾਹ’ ਨੇ ਜਿੱਤਿਆ ਹੈ। ਜਦ ਕਿ ਦਸ ਦਸ  ਹਜ਼ਾਰ ਡਾਲਰ ਦੇ ਦੋ ਪੁਰਸਕਾਰਾਂ ਵਿਚ ਫਾਈਨਲਿਸਟ ਪੰਜਾਬੀ ਲੇਖਿਕਾ ਡਾ. ਸਰਘੀ ਜੰਮੂ  (ਅੰਮ੍ਰਿਤਸਰ, ਪੰਜਾਬ, ਭਾਰਤ) ਦਾ ਗੁਰਮੁਖੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ  ‘ਆਪਣੇ ਆਪਣੇ ਮਰਸੀਏ’ ਅਤੇ ਫਾਈਨਲਿਸਟ ਸ੍ਰੀ ਬਲਬੀਰ ਮਾਧੋਪੁਰੀ (ਨਵੀਂ ਦਿੱਲੀ, ਭਾਰਤ) ਦੇ ਗੁਰਮੁਖੀ ਵਿਚ ਪ੍ਰਕਾਸ਼ਿਤ ਨਾਵਲ ‘ਮਿੱਟੀ ਬੋਲ ਪਈ’ ਨੇ ਜਿੱਤੇ ਹਨ ।   

ਇਸ  ਸਮਾਗਮ ਵਿਚ  ਜੇਤੂ ਸ੍ਰੀ ਨੈਨ ਸੁਖ (ਲਹਿੰਦਾ ਪੰਜਾਬ),  ਫਾਈਨਲਿਸਟ ਡਾ. ਸਰਘੀ ਜੰਮੂ ਅਤੇ ਫਾਈਨਲਿਸਟ ਸ੍ਰੀ ਬਲਬੀਰ ਮਾਧੋਪੁਰੀ ਨੇ ਆਪਣੇ ਵਿਚਾਰਾਂ ਦੀ ਸਰੋਤਿਆਂ ਨਾਲ ਸਾਂਝ ਪਾਈ।ਇਸ ਮੌਕੇ ਪ੍ਰਸਿੱਧ ਲੇਖਕ ਅਤੇ ਢਾਹਾਂ ਇਨਾਮ ਸਲਾਹਕਾਰ ਕਮੇਟੀ ਦੇ ਮੁਖੀ ਸਾਧੂ ਬਿਨਿੰਗ, ਗੁਰਮੁਖੀ ਜਿਊਰੀ ਦੇ ਮੁਖੀ ਪ੍ਰੋ. ਡਾ. ਜਸਪਾਲ ਕੌਰ (ਦਿੱਲੀ) ਅਤੇ ਸੈਂਟ੍ਰਲ ਜਿਊਰੀ ਦੇ ਮੁਖੀ ਡਾ. ਖੋਲਾ ਇਫਤਿਖਾਰ ਚੀਮਾ (ਫੈਸਲਾਬਾਦ) ਨੇ ਆਪਣੇ ਸੰਬੋਧਨ ਵਿਚ ਢਾਹਾਂ ਪੁਰਸਕਾਰ ਜੇਤੂਆਂ ਅਤੇ ਉਹਨਾਂ ਦੇ ਪੰਜਾਬੀ ਸਾਹਿਤ ਸਫਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਢਾਹਾਂ ਪੁਰਸਕਾਰ 2020 ਦੇ ਜੇਤੂ ਸ੍ਰੀ ਕੇਸਰਾ ਰਾਮ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਦੱਸਿਆ ਕਿ ਇਨਾਮ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਹੋਰ ਵਧੀਆ ਲਿਖਣ ਦੀ ਜੁੰਮੇਵਾਰੀ ਦਾ ਅਹਿਸਾਸ ਹੋਇਆ ਹੈ। ਆਨਲਾਈਨ ਸਮਾਗਮ ਦੀ ਸੰਚਾਲਨਾ ਬੀਬੀ ਤਰੰਨਮ ਥਿੰਦ ਨੇ ਬਾਖੂਬੀ ਨਾਲ ਕੀਤੀ ਅਤੇ ਪਿਛਲੇ ਅੱਠ ਸਾਲਾਂ ਦੇ ਪੁਰਸਕਾਰ ਦੇ ਸਫਰ ਬਾਰੇ ਚਾਨਣਾ ਵੀ ਪਾਇਆ।

ਪੁਰਸਕਾਰ ਦੇ ਸਬਮਿਸ਼ਨਜ਼ ਕੋਔਰਡੀਨੇਟਰ ਹਰਿੰਦਰ ਕੌਰ ਢਾਹਾਂ ਵੀ ਇਸ ਸਮਾਗਮ ਵਿੱਚ ਸ਼ਾਮਲ ਸਨ। ਸਾਲ 2021 ਦੇ ਢਾਹਾਂ ਪੁਰਸਕਾਰ ਜੇਤੂਆਂ ਨੂੰ ਸਨਮਾਨ ਚਿੰਨ ਫਰਵਰੀ 2022 ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਹੋਣ ਵਾਲੇ ਸਨਮਾਨ ਸਮਾਰੋਹਾਂ ਵਿਚ ਭੇਟ ਕੀਤੇ ਜਾਣਗੇ।

ਵਰਨਣਯੋਗ ਹੈ ਕਿ ਢਾਹਾਂ ਸਾਹਿਤ ਪੁਰਸਕਾਰ ਵੈਨਕੂਵਰ ਕੈਨੇਡਾ ਵਿੱਚ ਸ੍ਰੀ ਬਰਜਿੰਦਰ ਸਿੰਘ ਢਾਹਾਂ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਰੀਟਾ ਢਾਹਾਂ ਵੱਲੋਂ ਸਥਾਪਤ ਕੀਤਾ ਗਿਆ ਹੈ ।ਇਹ ਪੁਰਸਕਾਰ ਪੰਜਾਬੀ ਦੀ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਵਿਚ ਲਿਖੀਆਂ ਗਈਆਂ ਤਿੰਨ ਸਰਵੋਤਮ ਕਿਤਾਬਾਂ ਨੂੰ ਦਿੱਤਾ ਜਾਂਦਾ ਹੈ।ਪੰਜਾਬੀ ਕੈਨੇਡਾ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਿਚ ਸ਼ਾਮਿਲ ਹੈ।

ਇਸ ਸਾਲ 40 ਪੁਸਤਕਾਂ ਪੁਰਸਕਾਰ ਵਾਸਤੇ ਪ੍ਰਾਪਤ ਹੋਈਆਂ ਸਨ। ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਲਿਖੇ ਹੋਏ ਪੰਜਾਬੀ ਸਾਹਿਤ ਲਈ ਇਹ  ਪੁਰਸਕਾਰ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਵਿਚ ਹੀ ਨਹੀਂ ਪੂਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਲਈ ਸਾਂਝਾਂ ਦਾ ਪੁੱਲ ਬਣ ਗਿਆ ਹੈ । ਢਾਹਾਂ ਸਾਹਿਤ ਪੁਰਸਕਾਰ 2021 ਦੇ ਸਮਾਗਮ ਵਿਚ ਪੂਰੀ ਦੁਨੀਆਂ ਤੋਂ ਵੱਡੀ ਗਿਣਤੀ ਵਿਚ ਲੇਖਕ ਅਤੇ ਮਾਂ ਬੋਲੀ ਦੇ ਸ਼ੁੱਭਚਿੰਤਕਾਂ ਨੇ ਆਨਲਾਈਨ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ। 

50% LikesVS
50% Dislikes