SNE NETWORK.CHANDIGARH.
ਚੰਡੀਗੜ੍ਹ ਟਰੈਫਿਕ ਪੁਲੀਸ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਸ਼ਨੀਵਾਰ ਨੂੰ ਸੈਕਟਰ-34 ਚੰਡੀਗੜ੍ਹ ਸਥਿਤ ਗਰਾਊਂਡ ’ਚ ਹੋਣ ਵਾਲੇ ਦਿਲ-ਲੁਮੀਨੇਟੀ ਕੰਸਰਟ ਸਬੰਧੀ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸੈਕਟਰ-33/34 ਡਿਵਾਈਡਿੰਗ ਰੋਡ ਅਤੇ ਸੈਕਟਰ-34 ਮਾਰਕੀਟ ਦੀ ਅੰਦਰੂਨੀ ਸੜਕ ’ਤੇ ਵਾਹਨਾਂ ਦਾ ਦਾਖਲਾ ਬੰਦ ਰਹੇਗਾ। ਕਈ ਮਾਰਗਾਂ ‘ਤੇ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ। ਇਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਦਿਲਜੀਤ ਦੇ ਲਾਈਵ ਕੰਸਰਟ ਦੌਰਾਨ ਸੁਰੱਖਿਆ ਲਈ ਸੈਕਟਰ-34 ਦੇ ਆਲੇ-ਦੁਆਲੇ ਅਤੇ ਹੋਰ ਰੂਟਾਂ ‘ਤੇ ਕਰੀਬ 2500 ਪੁਲਸ ਮੁਲਾਜ਼ਮ ਤਾਇਨਾਤ ਰਹਿਣਗੇ।
ਪ੍ਰੋਗਰਾਮ ਦੌਰਾਨ ਸ਼ਹਿਰ ਵਿੱਚ ਕਿਸੇ ਤਰ੍ਹਾਂ ਦੀ ਹਫੜਾ-ਦਫੜੀ ਨਾ ਹੋਵੇ, ਇਸ ਲਈ ਪ੍ਰਬੰਧਕਾਂ ਵੱਲੋਂ ਤਾਇਨਾਤ ਚੰਡੀਗੜ੍ਹ ਪੁਲੀਸ ਅਤੇ ਸੁਰੱਖਿਆ ਏਜੰਸੀ ਨੇ ਸ਼ੁੱਕਰਵਾਰ ਨੂੰ ਰਿਹਰਸਲ ਕੀਤੀ। ਪ੍ਰਦਰਸ਼ਨੀ ਮੈਦਾਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਕੇ ਨਾਕਾਬੰਦੀ ਕੀਤੀ ਗਈ ਹੈ। ਡੀਜੀਪੀ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੁਰੱਖਿਆ ਮੁਲਾਜ਼ਮ ਲਾਪਰਵਾਹੀ ਨਾ ਕਰਨ।
ਪੁਲਿਸ ਦੀ ਅਪੀਲ
ਟ੍ਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਿਕਾਡਲੀ ਚੌਂਕ ਅਤੇ ਨਿਊ ਲੇਬਰ ਚੌਂਕ ਵਿੱਚ ਜਦੋਂ ਤੱਕ ਬਿਲਕੁਲ ਜਰੂਰੀ ਨਾ ਹੋਵੇ, ਨਾ ਜਾਣ। ਉੱਥੇ ਭਾਰੀ ਵਾਹਨਾਂ ਦੀ ਆਵਾਜਾਈ ਹੋਵੇਗੀ। ਇਸ ਕਾਰਨ ਤੁਹਾਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਪਣੀ ਗੱਡੀ ਇੱਥੇ ਪਾਰਕ ਕਰੋ
ਮੁਹਾਲੀ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਸੈਕਟਰ-43 ਸਥਿਤ ਦੁਸਹਿਰਾ ਗਰਾਊਂਡ, ਸੈਕਟਰ-34 ਸਥਿਤ ਲਕਸ਼ਮੀ ਨਰਾਇਣ ਮੰਦਰ ਦੇ ਸਾਹਮਣੇ ਖੁੱਲ੍ਹੇ ਮੈਦਾਨ ਅਤੇ ਸੈਕਟਰ-45 ਸਥਿਤ ਦੁਸਹਿਰਾ ਗਰਾਊਂਡ ਵਿੱਚ ਪਾਰਕ ਕਰਨੇ ਚਾਹੀਦੇ ਹਨ।
ਟ੍ਰਿਬਿਊਨ ਚੌਕ ਤੋਂ ਆਉਣ ਵਾਲੇ ਵਾਹਨ ਚਾਲਕਾਂ ਲਈ ਸੈਕਟਰ-29 ਦੀ ਮੰਡੀ ਗਰਾਊਂਡ ਰੱਖੀ ਗਈ ਹੈ।
ਟੀਪੀਟੀ ਲਾਈਟ ਪੁਆਇੰਟ ਤੋਂ ਆਉਣ ਵਾਲੇ ਵਾਹਨਾਂ ਲਈ ਸੈਕਟਰ-17 ਵਿੱਚ ਮਲਟੀਲੇਵਲ ਪਾਰਕਿੰਗ ਅਤੇ ਹੋਰ ਪਾਰਕਿੰਗ ਰੱਖੀ ਗਈ ਹੈ।
ਪਾਰਕਿੰਗ ਤੱਕ ਪਹੁੰਚ ਕਰਨ ਲਈ ਸ਼ਹਿਰ ਵਿੱਚ QR ਕੋਡ ਵੀ ਲਗਾਏ ਜਾਣਗੇ।